6 ਅਜਿਹੇ ਸੰਕੇਤ ਜੋ ਕਿ ਸਾਬਤ ਕਰਦੇ ਹਨ ਕਿ ਕਾਰੋਬਾਰ ਕਰਨ ਦੇ ਨਵੇਂ ਤਰੀਕੇ, ਪੁਰਾਣੇ ਤਰੀਕਿਆਂ ਨੂੰ ਪਛਾਡ਼ਦੇ ਜਾ ਰਹੇ ਹਨ
ਦੋਸਤੋ ਅੱਜ ਦੇ ਸਮੇਂ ਵਿੱਚ ਮੈਂ ਜਿਹੜੇ ਵੀ ਕਾਰੋਬਾਰੀ ਨੂੰ ਮਿਲਦਾ ਹਾਂ, ਉਸਦੇ ਮੂੰਹੋਂ ਕੁਝ ਅਜਿਹੀਆਂ ਗੱਲਾਂ ਸੁਨਣ ਨੂੰ ਮਿਲਦੀਆਂ ਹਨ| ਕਾਰੋਬਾਰ ਵੱਧ ਨਹੀਂ ਰਿਹਾ, ਮਾਲ ਠੀਕ ਤਰ੍ਹਾਂ ਵਿੱਕ ਨਹੀਂ ਰਿਹਾ, ਮੁਨਾਫ਼ਾ ਘਟਦਾ ਜਾ ਰਿਹਾ ਹੈ, ਗ੍ਰਾਹਕ ਟਿਕਦਾ ਨਹੀਂ, ਮਾਰਕੀਟਿੰਗ ਦੇ ਰਿਜ਼ਲਟ ਨਹੀਂ ਆ ਰਹੇ, ਵਰਕਿੰਗ ਕੈਪੀਟਲ ਖ਼ੁਰਦੀ ਜਾ ਰਹੀ ਹੈ ਅਤੇ ਗ੍ਰਾਹਕ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ, ਅਤੇ ਹੋਰ ਪਤਾ ਨਹੀਂ ਕੀ.. ਕੀ.. | ਕੁੱਲ ਮਿਲਾ ਕਿ ਕਾਰੋਬਾਰੀ ਪਰੇਸ਼ਾਨ ਨਜ਼ਰ ਆ ਰਹੇ ਹਨ|
ਵਪਾਰ ਦੇ ਹਰ ਖ਼ੇਤਰ ਵਿੱਚ ਵਧਦੀਆਂ ਸਮੱਸਿਆਵਾਂ ਦਾ ਦਰਅਸਲ ਇੱਕੋ ਬਹੁਤ ਵੱਡਾ ਕਾਰਨ ਹੈ, ਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਅਤੇ ਇਸ ਦੇ ਨਾਲ ਨਾਲ ਕਾਰੋਬਾਰ ਕਰਨ ਦੇ ਨਿੱਤ ਨਵੇਂ ਤਰੀਕੇ ਰੋਜ਼ ਪੈਦਾ ਹੋ ਰਹੇ ਹਨ| ਪਰ ਕੀ ਅਸੀਂ ਬਦਲਦੇ ਤਰੀਕਿਆਂ ਦੇ ਸੰਕੇਤ ਸਮਝ ਪਾ ਰਹੇ ਹਾਂ..? ਕੀ ਸਾਨੂੰ ਇਹਨਾਂ ਤਰੀਕਿਆਂ ਦੀ ਜਾਣਕਾਰੀ ਮਿਲ ਪਾ ਰਹੀ ਹੈ..?
ਤਾਂ ਚਲੋ ਜਾਣਦੇ ਹਾਂ ਕਿ, ਕਾਰੋਬਾਰ ਕਰਨ ਦੇ ਬਦਲਦੇ ਤਰੀਕਿਆਂ ਦੇ 6 ਸੰਕੇਤ ਆਖ਼ਿਰ, ਕਿਹੜੇ ਕਿਹੜੇ ਹਨ ..?
1. ਪਹਿਲਾ ਸੰਕੇਤ ਹੈ ਆਨਲਾਈਨ ਮੌਜੂਦਗੀ
ਅੱਜ ਦੇ ਸਮੇਂ ਵਿੱਚ, ਅਗਰ ਤੁਹਾਡਾ ਕਾਰੋਬਾਰ ਆਨਲਾਈਨ ਮੌਜੂਦ ਨਹੀਂ ਤਾਂ ਸਮਝੋ ਉਹ ਹੈ ਹੀ ਨਹੀਂ! ਜੀ ਹਾਂ ਬਿਲਕੁਲ ਸਹੀ ਕਹਿ ਰਿਹਾ ਹਾਂ ਮੈਂ| ਅੱਜ-ਕੱਲ੍ਹ ਸਾਡੀ ਹੋਂਦ ਦਾ ਪ੍ਰਮਾਣ ਸਾਡੀ ਆਨਲਾਈਨ ਮੌਜੂਦਗੀ ਨਾਲ ਹੀ ਹੁੰਦਾ ਹੈ| ਸਾਡਾ 85% ਗ੍ਰਾਹਕ ਸਾਡੇ ਕੋਲ ਆਉਣ ਤੋਂ ਪਹਿਲਾਂ ਪ੍ਰੋਡਕਟ ਬਾਰੇ ਅਤੇ ਸਾਡੇ ਬਿਜ਼ਨਸ ਬਾਰੇ ਆਨਲਾਈਨ ਪੜਤਾਲ ਕਰਦਾ ਹੈ| ਕੀ ਤੁਹਾਡੇ ਕਾਰੋਬਾਰ ਦੀ ਪੂਰੀ ਜਾਣਕਾਰੀ ਆਨਲਾਈਨ ਮੌਜੂਦ ਹੈ..?
ਤੁਸੀਂ ਆਪਣੇ ਬਿਜ਼ਨਸ ਬਾਰੇ ਜਿੰਨੀ ਜ਼ਿਆਦਾ ਅਤੇ ਸਪਸ਼ਟ ਜਾਣਕਾਰੀ ਆਨਲਾਈਨ ਪਾਈ ਹੋਵੇਗੀ, ਓਨੀ ਹੀ ਸੰਭਾਵਨਾ ਹੈ ਕਿ ਗ੍ਰਾਹਕ ਤੁਹਾਡੇ ਵੱਲ ਆਕਰਸ਼ਿਤ ਹੋ ਕਿ ਤੁਰਿਆ ਆਵੇਗਾ| ਇਸਨੂੰ ਨੂੰ ਮੈਂ ਦੂਸਰੇ ਤਰੀਕੇ ਨਾਲ ਦੱਸਾਂ ਤਾਂ ਕੋਈ ਗ੍ਰਾਹਕ ਕਿਸੇ ਪ੍ਰੋਡਕਟ ਬਾਰੇ ਆਨਲਾਈਨ ਪੜਤਾਲ ਕਰ ਰਿਹਾ ਹੈ, ਅਤੇ ਉਹ ਪ੍ਰੋਡਕਟ ਤੁਹਾਡੇ ਕੋਲ ਉਪਲੱਬਧ ਵੀ ਹੈ, ਪਰ ਅਗਰ ਤੁਹਾਡੇ ਬਿਜ਼ਨਸ ਦੀ ਜਾਣਕਾਰੀ ਹੀ ਆਨਲਾਈਨ ਨਹੀਂ ਹੈ, ਤਾਂ ਤੁਹਾਡਾ ਸੰਭਾਵੀ ਗ੍ਰਾਹਕ ਤੁਆਡੇ ਤੱਕ ਪਹੁੰਚੇਗਾ ਕਿਵੇਂ?
ਆਪਣੀ ਸਪਸ਼ਟ ਜਾਣਕਾਰੀ ਆਨਲਾਈਨ ਪਾਉਣ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਗੂਗਲ ਮਾਈ ਬਿਜ਼ਨਸ ਜਾਂ ਗੂਗਲ ਮੈਪਸ ਵਿੱਚ ਆਪਣੇ ਕਾਰੋਬਾਰ ਦੀ ਲਿਸਟਿੰਗ ਕਰਵਾਉਣਾ ਅਤੇ ਆਪਣੀ ਇੱਕ ਵੈੱਬਸਾਈਟ ਬਣਾਉਣਾ| ਅਸੀਂ ਸੋਸ਼ਲ ਮੀਡੀਆ ਯਾਨੀ ਫੇਸਬੁੱਕ, ਇੰਸਟਾਗ੍ਰਾਮ, ਲਿੰਕਡ-ਇਨ 'ਤੇ ਵੀ ਪੇਸ਼ੇਵਰ ਪੇਜ ਬਣਾ ਕਿ ਵੀ ਕੰਮ ਚਲਾ ਸਕਦੇ ਹਾਂ|
ਆਪ ਜੀ ਨੂੰ, ਇਹ ਸਭ ਕੁਝ ਆਪਣੇ-ਆਪ ਕਰਨ ਲਈ ਜਾਣਕਾਰੀ ਮੈਂ ਆਪਣੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ ਤੇ ਵੀਡੀਓ, ਬਲਾਗ, ਪੋਡ-ਕਾਸਟ ਰਾਹੀਂ ਉਪਲੱਬਧ ਕਰਵਾਈ ਹੋਈ ਹੈ| ਬੱਸ ਤੁਸੀਂ ਮੇਰੀ ਵੈੱਬਸਾਈਟ ਅਤੇ ਯੂ-ਟਿਯੂਬ ਚੈਨਲ ਨੂੰ ਸਬ-ਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਅੱਗੇ ਵੀ ਜਾਣਕਾਰੀ ਮਿਲਦੀ ਰਹੇ|
2. ਦੂਸਰਾ ਸੰਕੇਤ ਹੈ ਕੰਟੈਂਟ ਯਾਨੀ ਕਿ ਡਿਜੀਟਲ ਜਾਣਕਾਰੀ
ਦੋਸਤੋ ਅੱਜ ਦਾ ਯੁੱਗ, ਜਾਣਕਾਰੀ ਦਾ ਯੁੱਗ ਹੈ| ਤੁਸੀਂ ਆਪਣੇ ਕਾਰੋਬਾਰ ਅਤੇ ਪ੍ਰੋਡਕਟ ਬਾਰੇ ਜਿੰਨਾ ਜ਼ਿਆਦਾ ਕੰਟੈਂਟ ਜਾਂ ਜਾਣਕਾਰੀ, ਜਿੰਨੀ ਜ਼ਿਆਦਾ ਜਗ੍ਹਾਂ ਪਾਈ ਹੋਵੇਗੀ, ਉਨੇ ਹੀ ਅਲੱਗ ਅਲੱਗ ਪਾਸਿਉਂ ਤੁਹਾਨੂੰ ਲਾਭ ਕਿ ਗ੍ਰਾਹਕ ਤੁਹਾਡੇ ਕੋਲ ਪਹੁੰਚੇਗਾ| ਤੁਹਾਡਾ ਗ੍ਰਾਹਕ ਤੁਹਾਡੇ ਵੱਲੋਂ ਪ੍ਰੋਡਕਟ ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਲਵੇਗਾ, ਉੰਨਾਂ ਹੀ ਉਸ ਪ੍ਰੋਡਕਟ ਨੂੰ ਲੈ ਕਿ ਉਸਦਾ ਭਰੋਸਾ ਤੁਹਾਡੇ ਉੱਤੇ ਜ਼ਿਆਦਾ ਬਣੇਗਾ|
ਇਸ ਦਾ ਸਭ ਤੋਂ ਵਧੀਆ ਤਰੀਕਾ ਹੈ, ਬਲਾਗ, ਵਲਾਗ (ਵੀਡੀਓ) ਜਾਂ ਪੋਡ-ਕਾਸਟ ਰਾਹੀਂ ਤੁਸੀਂ ਸਮੇਂ-ਸਮੇਂ ਤੇ ਆਪਣੀ ਵੈੱਬਸਾਈਟ, ਸੋਸ਼ਲ ਮੀਡੀਆ ਅਤੇ ਅਨੇਕਾਂ ਬਲਾਗਿੰਗ ਸਾਈਟਸ ਦਵਾਰਾ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਨੂੰ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਓ|
3. ਤੀਸਰਾ ਸੰਕੇਤ ਹੈ ਸਹੂਲਤ
ਦੋਸਤੋ ਜਿਸ ਤਰ੍ਹਾਂ ਸਾਡੇ ਕੋਲ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਸਮੇਂ ਦੀ ਕਮੀ ਹੁੰਦੀ ਜਾਂ ਰਹੀ ਹੈ, ਇਸੇ ਤਰ੍ਹਾਂ ਸਾਡੇ ਗ੍ਰਾਹਕ ਕੋਲ ਵੀ ਸਮਾਂ ਬਹੁਤ ਘੱਟ ਹੈ| ਤੁਸੀਂ ਇਹ ਮਹਿਸੂਸ ਕੀਤਾ ਹੋਵੇਗਾ ਕਿ ਜਿੱਥੇ ਸਾਡਾ ਸਮਾਂ ਬੱਚਦਾ ਹੈ ਅਤੇ ਸਾਨੂੰ ਵਧੇਰੀ ਸਹੂਲਤ ਮਿਲਦੀ ਹੈ, ਅਸੀਂ ਖ਼ਰੀਦਦਾਰੀ ਕਰਨ ਉੱਥੇ ਹੀ ਜਾਂਦੇ ਹਾਂ| ਸਾਡੇ ਗ੍ਰਾਹਕ ਨੂੰ ਇੱਕ ਆਸਾਨ ਖ਼ਰੀਦਦਾਰੀ ਦਾ ਅਨੁਭਵ ਦੇਣਾ ਹੀ ਅੱਜ ਦੇ ਸਮੇਂ ਦੀ ਜਿੱਤਣ ਵਾਲੀ ਸਥਿਤੀ ਹੈ, ਜਿੱਥੇ ਤੁਸੀਂ ਵੀ ਜਿੱਤੋਗੇ ਅਤੇ ਤੁਹਾਡਾ ਗ੍ਰਾਹਕ ਵੀ ਜਿੱਤੇਗਾ|
ਇਸ ਦਾ ਸਭ ਤੋਂ ਵਧੀਆ ਤਰੀਕਾ ਹੈ, ਆਪਣੀ ਅਸਲ ਦੁਕਾਨ ਜਾਂ ਦਫ਼ਤਰ ਦੇ ਨਾਲ-ਨਾਲ ਇੱਕ ਆਨਲਾਈਨ ਦੁਕਾਨ ਜਿਸ ਵਿੱਚ ਪੂਰਾ ਵਿਕਰੀ ਦਾ ਢੰਗ ਸਥਾਪਿਤ ਕਰਨਾ ਅਤੇ ਸਾਮਾਨ ਨੂੰ ਘਰ-ਘਰ ਪਹੁੰਚਾਉਣਾ | ਇਹ ਸਭ ਬਹੁਤ ਆਸਾਨੀ ਨਾਲ ਆਪਣੀ ਵੈੱਬਸਾਈਟ ਬਣਾ ਕਿ ਜਾਂ ਸੋਸ਼ਲ ਮੀਡੀਆ ਤੇ ਕੀਤਾ ਜਾਂ ਸਕਦਾ ਹੈ| ਵਾਟਸ-ਐਪ ਬਿਜ਼ਨਸ ਨਾਂ ਦੀ ਐਪ ਵੀ ਸਾਨੂੰ ਇਹ ਸਭ ਕੁਝ ਬਹੁਤ ਸੁਖਾਲੇ ਢੰਗ ਨਾਲ ਕਰਨ ਦੀ ਸੁਵਿਧਾ ਦਿੰਦੀ ਹੈ|
ਇਹਨਾਂ ਸਭ ਬਾਰੇ ਵਧੇਰੀ ਜਾਣਕਾਰੀ ਆਪ ਜੀ ਨੂੰ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਬਹੁਤ ਵਿਸਥਾਰ ਨਾਲ ਉਪਲਭਦ ਹੋਵੇਗੀ|
4. ਚੌਥਾ ਸੰਕੇਤ ਹੈ ਸੋਸ਼ਲ ਮੀਡੀਆ ਦਾ ਵਧਦਾ ਚਲਨ
ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਵਾਸਤੇ, ਦੁਕਾਨ ਜਾਂ ਦਫ਼ਤਰ ਖੋਲਣ ਲਈ, ਇੱਕ ਅਜੇਹੀ ਥਾਂ ਲੱਭਦੇ ਹੋ ਜਿੱਥੇ ਬਹੁਤ ਲੋਕਾਂ ਦਾ ਆਉਣਾ-ਜਾਣਾ ਹੋਵੇ| ਅਸੀਂ ਆਪਣਾ ਵੱਡਾ ਸਾਰਾ ਇਸ਼ਤਿਹਾਰ ਵੀ ਉੱਥੇ ਹੀ ਲਗਾਉਣਾ ਪਸੰਦ ਕਰਾਂਗੇ ਜਿੱਥੇ ਵੱਧ ਤੋਂ ਵੱਧ ਲੋਕ ਉਸਨੂੰ ਵੇਖ ਸਕਣ| ਸੋਸ਼ਲ ਮੀਡੀਆ ਅਸਲ ਵਿਚ ਇੱਕ ਅਜਿਹਾ ਹੀ ਬਾਜ਼ਾਰ ਬਣਦਾ ਜਾ ਰਿਹਾ ਹੈ, ਜਿੱਥੇ ਕਰੋੜਾਂ ਲੋਕ ਰੋਜ਼ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ| ਅਗਰ ਤੁਹਾਨੂੰ ਇਸ ਬਾਜ਼ਾਰ ਵਿੱਚ ਆਪਣੀ ਦੁਕਾਨ ਜਾਂ ਦਫ਼ਤਰ ਖੋਲਣ ਦਾ ਮੌਕਾ ਮਿਲੇ ਉਹ ਵੀ ਮੁਫ਼ਤ ਵਿੱਚ, ਤਾਂ ਕੀ ਤੁਸੀਂ ਦੇਰ ਲਗਾਓਗੇ..?
ਫੇਸਬੁੱਕ, ਇੰਸਟਾਗ੍ਰਾਮ, ਲਿੰਕਡ-ਇਨ, ਯੂ-ਟਿਯੂਬ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਨੇ ਸਾਨੂੰ ਸਾਡਾ ਕਾਰੋਬਾਰ ਚਲਾਉਣ ਵਾਸਤੇ, ਪੇਜ ਬਣਾਉਣ ਦੀ, ਚੈਨਲ ਬਣਾਉਣ ਦੀ, ਆਨਲਾਈਨ ਦੁਕਾਨ ਖੋਲਣ ਦੀ ਅਤੇ ਵਿਗਿਆਪਨ ਦੇਣ ਲਈ ਪੂਰਾ ਪ੍ਰਬੰਧ ਕੀਤਾ ਹੋਇਆ ਹੈ| ਇਹ ਸਾਰੇ ਮਾਧਿਅਮਾਂ ਰਾਹੀਂ ਅਸੀਂ ਬਿਲਕੁੱਲ ਮੁਫ਼ਤ ਵਿੱਚ ਜਾਂ ਬਹੁਤ ਘੱਟ ਪੈਸੇ ਖ਼ਰਚ ਕਿ, ਆਪਣੇ ਸੰਭਾਵੀ ਗ੍ਰਾਹਕ ਨੂੰ ਆਪਣੇ ਤੱਕ ਖਿੱਚ ਕੇ ਲਿਆ ਸਕਦੇ ਹਾਂ|
ਇਹਨਾਂ ਸਭ ਬਾਰੇ ਵਧੇਰੀ ਜਾਣਕਾਰੀ ਆਪ ਜੀ ਨੂੰ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਬਹੁਤ ਵਿਸਥਾਰ ਨਾਲ ਸਮੇਂ ਸਮੇਂ 'ਤੇ ਉਪਲਭਦ ਹੁੰਦੀ ਰਹੇਗੀ|
5. ਪੰਜਵਾਂ ਸੰਕੇਤ ਹੈ ਗ੍ਰਾਹਕ ਦਾ ਖ਼ਰੀਦਦਾਰੀ ਦੇ ਅਨੁਭਵ ਨੂੰ ਜਨਤਕ ਕਰਨਾ
ਦੋਸਤੋ ਤੁਸੀਂ ਇੱਕ ਕਹਾਵਤ ਸੁਣੀ ਹੀ ਹੋਵੇਗੀ, ਕਿ "ਸਾਡਾ ਇੱਕ ਖ਼ੁਸ਼ ਗ੍ਰਾਹਕ ਸਾਡੇ ਕੋਲ 4 ਗ੍ਰਾਹਕ ਹੋਰ ਲੈ ਕਿ ਆਉਂਦਾ ਹੈ, ਪਰ ਸਾਡਾ ਇੱਕ ਨਾਰਾਜ਼ ਗ੍ਰਾਹਕ 10 ਹੋਰਾਂ ਨੂੰ ਨਾਲ ਲੈ ਜਾਂਦਾ ਹੈ"| ਇਹ ਕਹਾਵਤ ਅੱਜ ਵੀ ਸੱਚ ਹੁੰਦੀ ਹੈ ਪਰ ਇਸ ਦੀ ਗਿਣਤੀ ਹੁਣ 4 ਜਾਂ 10 ਦੀ ਨਹੀਂ ਬਲਕਿ ਹਜ਼ਾਰਾਂ ਵਿੱਚ ਹੁੰਦੀ ਹੈ| ਕਿਉਂਕਿ ਅੱਜ-ਕੱਲ੍ਹ ਬਹੁਤ ਸਾਰੇ ਲੋਕ ਖ਼ਰੀਦਦਾਰੀ ਦੇ ਚੰਗੇ ਜਾਂ ਮਾੜੇ ਅਨੁਭਵ ਨੂੰ ਆਨਲਾਈਨ ਜ਼ਰੂਰ ਸ਼ੇਅਰ ਕਰਦੇ ਹਨ ਜਿਸਨੂੰ ਵੇਖ ਕਿ ਹੋਰ ਬਹੁਤ ਸਾਰੇ ਲੋਕ ਪ੍ਰਭਾਵਤ ਹੁੰਦੇ ਹਨ|
ਜਦੋਂ ਕੋਈ ਸਾਡਾ ਖ਼ੁਸ਼ ਗ੍ਰਾਹਕ ਸਾਰੀ ਦੁਨੀਆ ਸਾਹਮਣੇ ਸਾਡੀ ਤਾਰੀਫ਼ ਕਰਦਾ ਹੈ, ਤਾਂ ਇਸ ਦਾ ਸਾਨੂੰ ਖ਼ੂਬ ਲਾਭ ਮਿਲਦਾ ਹੈ| ਪਰ ਜਦੋਂ ਕੋਈ ਨਾਰਾਜ਼ ਗ੍ਰਾਹਕ ਸਾਨੂੰ ਫ਼ਿਟਕਾਰ ਲਗਾਉਂਦਾ ਹੈ ਤਾਂ ਸਾਨੂੰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਗ੍ਰਾਹਕ ਦੇ ਮਾੜੇ ਅਨੁਭਵ ਨੂੰ ਲੈ ਕਿ ਚਿੰਤਾ ਜਤਾਉਣੀ ਚਾਹੀਦੀ ਹੈ, ਬਿਨਾਂ ਸ਼ਰਤ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਅੱਗੇ ਤੋਂ ਵਧੀਆ ਅਨੁਭਵ ਕਰਵਾਉਣ ਦਾ ਵਾਅਦਾ ਵੀ ਕਰਨਾ ਚਾਹੀਦਾ ਹੈ| ਆਖ਼ਿਰ, ਸਾਡੇ ਹਰ ਗ੍ਰਾਹਕ ਪ੍ਰਤੀ ਸਾਡੇ ਵਿਹਾਰ ਨੂੰ ਵੇਖ ਕਿ ਬਹੁਤ ਸਾਰੇ ਲੋਕ ਫ਼ੈਸਲਾ ਕਰ ਸਕਣਗੇ ਕਿ ਉਹਨਾਂ ਨੇ ਸਾਡੇ ਨਾਲ ਵਪਾਰ, ਕਰਨਾ ਹੈ ਜਾਂ ਨਹੀਂ|
ਆਪਣੀ ਆਨਲਾਈਨ ਰੇਪੂਟੇਸ਼ਨ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਹੈ, ਇਸ ਬਾਰੇ ਵਧੇਰੀ ਜਾਣਕਾਰੀ ਆਪ ਜੀ ਨੂੰ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਵਿਸਥਾਰ ਵਿੱਚ ਉਪਲਭਦ ਹੋਵੇਗੀ|
6. ਛੇਵਾਂ ਸੰਕੇਤ ਹੈ ਕਾਰੋਬਾਰ ਦੀ ਆਟੋਮੇਸ਼ਨ
ਅੱਜ ਦੇ ਸਮੇਂ ਵਿੱਚ ਕਾਰੋਬਾਰ ਵਿੱਚ ਘਟਦੇ ਮੁਨਾਫ਼ੇ ਨੂੰ ਕਾਬੂ ਕਰਨ ਲਈ ਸਭ ਤੋਂ ਕਾਰਗਾਰ ਤਰੀਕਾ ਹੈ, ਕਾਰੋਬਾਰ ਵਿੱਚ ਕਾਰਜਸ਼ੀਲ ਲਾਗਤ (ਮਤਲਬ operational cost) ਨੂੰ ਘਟਾਉਣਾ| ਇਹ ਤਾਂ ਹੀ ਹੋ ਸਕਦਾ ਹੈ, ਅਗਰ ਅਸੀਂ ਆਪਣੇ ਆਪ 'ਤੇ ਅਤੇ ਆਪਣੇ ਕਾਰੋਬਾਰ ਵਿੱਚ ਆਟੋਮੇਸ਼ਨ ਦਾ ਇਸਤਮਾਲ ਕਰੀਏ| ਆਟੋਮੇਸ਼ਨ ਦਾ ਮਤਲਬ ਹੈ, ਕਿ ਐਸੀ ਪ੍ਰਕਿਰਿਆ ਦਾ ਇਸਤਮਾਲ ਕਰਨਾ ਜਿਸ ਨਾਲ ਬਹੁਤ ਸਾਰੇ ਰੋਜ਼ਾਨਾ ਕੰਮ ਬਿਨਾਂ ਕਿਸੇ ਜਤਨ ਕੀਤੇ ਆਪਣੇ ਆਪ ਹੋਣੇ ਸ਼ੁਰੂ ਹੋ ਜਾਣ| ਡਿਜੀਟਲ ਦੀ ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਸਾਫ਼ਟਵੇਅਰ, ਐਪਲੀਕੇਸ਼ਨ, ਚੈਟ-ਬਾਟ ਆਦਿ ਹੁੰਦੇ ਹਨ ਜੋ ਕਿ ਛੋਟੇ ਕਾਰੋਬਾਰੀਆਂ ਵਾਸਤੇ ਮੁਫ਼ਤ ਹੁੰਦੇ ਹਨ, ਜਿਹਨਾਂ ਦੇ ਇਸਤਮਾਲ ਨਾਲ ਅਸੀਂ ਨਾ ਸਿਰਫ਼ ਆਪਣੀ ਕਾਰਜ ਕੁਸ਼ਲਤਾ ਨੂੰ ਵਧਾ ਸਕਦੇ ਹਾਂ ਬਲਕਿ ਆਪਣੇ ਗ੍ਰਾਹਕ ਨੂੰ ਵੀ ਬਹੁਤ ਸਾਰੀ ਸੁਵਿਧਾ ਮੁਹਈਆ ਕਰਵਾ ਸਕਦੇ ਹਾਂ|
ਆਪ ਜੀ ਨੂੰ ਅਜਿਹੇ ਟੂਲਜ਼ ਜਿਵੇਂ ਕਿ ਗੂਗਲ ਆਫ਼ਿਸ ਆਟੋਮੇਸ਼ਨ ਆਦਿ ਦੀ ਭਰਪੂਰ ਜਾਣਕਾਰੀ ਮੇਰੀ ਵੈੱਬਸਾਈਟ ਡਿਜੀਟਲਸਰਦਾਰਜੀ.ਕਾਮ 'ਤੇ ਸਮੇਂ-ਸਮੇਂ ਵਿੱਚ ਮਿਲਦੀ ਰਹੇਗੀ|
ਬਸ ਆਪ ਜੀ ਨੇ ਮੇਰੇ ਨਾਲ ਇਸ ਡਿਜੀਟਲ ਜਾਗਰੂਕਤਾ ਦੇ ਸਫ਼ਰ ਵਿੱਚ ਜੁੜੇ ਰਹਿਣਾ ਹੈ, ਮੇਰੀ ਵੈੱਬਸਾਈਟ ਵਿੱਚ ਦਿੱਤਾ ਇਹ ਫ਼ਾਰਮ ਭਰ ਕਿ, ਤਾਂ ਜੋ ਮੈਂ ਆਪ ਜੀ ਦੇ ਸੰਪਰਕ ਵਿੱਚ ਰਹਾਂ ਅਤੇ ਇਸ ਵੈੱਬਸਾਈਟ 'ਤੇ ਜੋ ਵੀ ਜਾਣਕਾਰੀ ਨਵੀਂ ਆਵੇਗੀ, ਮੈਂ ਆਪ ਜੀ ਨੂੰ ਸੂਚਿਤ ਕਰਦਾ ਰਹਾਂ| ਮੇਰੇ ਨਾਲ ਆਪ ਜੀ ਵਾਟਸਐਪ ਅਤੇ ਸੋਸ਼ਲ ਮੀਡੀਆ ਤੇ ਵੀ ਜੁੜ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਸਪੋਟੀਫਾਈ, ਟਵਿੱਟਰ, ਲਿੰਕਡ-ਇਨ ਅਤੇ ਯੂ-ਟਿਯੂਬ 'ਤੇ ਸਬਸਕ੍ਰਾਈਬ ਕਰ ਕਿ|
ਪਿਆਰ ਭਰਿਆ ਧੰਨਵਾਦ
ਆਪ ਜੀ ਦਾ ਡਿਜੀਟਲ ਸਰਦਾਰਜੀ
Comentarios